Pages

Monday, September 19, 2011

ਪੀਲੀਭੀਤ ਵਿਖੇ ਪਸ਼ਚਾਤਾਪ ਸਮਾਗਮ ਨੂੰ ਜਥੇਦਾਰਾਂ ਨੇ ਕੀਤਾ ਸਾਬੋਤਾਜ ......

ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦਾ

ਠੋਸ ਪ੍ਰੋਗਰਾਮ ਨਾ ਮਿਲਣ ਤੇ ਸਿੱਖ ਸੰਗਤਾਂ ਵਿਚ ਨਿਰਾਸ਼ਾ ਤੇ ਭਾਰੀ ਰੋਹ





ਪੀਲੀਭੀਤ (ਤਰਲੋਕ ਸਿੰਘ ਖਾਲਸਾ) :-


12 ਸਤੰਬਰ 2011 ਦੀ ਸ਼ਾਮ ਨੂੰ ਯੂ.ਪੀ ਦੇ ਜਿਲ੍ਹਾ ਪੀਲੀਭੀਤ ਵਿਚ ਗੁਰੁਦਆਰਾ ਨਾਨਕਮਤਾ ਸਾਹਿਬ ਦੇ ਨੇੜੇ ਪੈਂਦੇ ਪਿੰਡ ਕਟਈਆ ਪੰਡਰੀ (ਹਰਿਦਾਸਪੁਰ-ਮਝੋਲਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪਾਂ ਦੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਬੇਅਦਬੀ ਦੇ ਸਬੰਧ ਵਿਚ ਸਿੱਖ ਸੰਗਤਾਂ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ।

ਇਸ ਪਸ਼ਚਾਤਾਪ ਸਮਾਗਮ ਵਿਚ ਪਹੁੰਚੇ ਜਥੇਦਾਰ ਆਗੂਆਂ ਵੱਲੋਂ ਕੋਈ ਠੋਸ ਪ੍ਰੋਗਰਾਮ ਨਾ ਮਿਲਣ ਕਰਕੇ ਸਿੱਖ ਸੰਗਤਾਂ ਵਿਚ ਭਾਰੀ ਨਿਰਾਸ਼ਾ ਤੇ ਰੋਹ ਵੇਖਣ ਨੂੰ ਮਿਲਿਆ ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਨਾਨਕਮਤਾ ਦੇ ਪ੍ਰਬੰਧਕ ਬਾਬਾ ਤਰਸੇਮ ਸਿੰਘ ਵੱਲੋਂ ਇਸ ਪਸ਼ਚਾਤਾਪ ਸਮਾਗਮ ਦੇ ਪ੍ਰਬੰਧ ਕੀਤੇ ਗਏ ਸਨ ਜਿਸ ਵਿਚ ਹਾਜ਼ਰੀ ਭਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਅਤੇ ਹੋਰ ਧਾਰਮਿਕ ਆਗੂ ਪਹੁੰਚੇ ਸਨ ।

ਭਾਰੀ ਬਾਰਿਸ਼ ਦੇ ਬਾਵਜੂਦ ਵੀ ਸਮਾਗਮ ਵਿਚ ਹਾਜ਼ਰੀ ਭਰਨ ਲਈ ਸਿੱਖ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ ।

ਕਾਰ ਸੇਵਾ ਦੀਆਂ ਵੱਖ-ਵੱਖ ਸੰਪਰਦਾਵਾਂ ਵੱਲੋਂ ਸੰਗਤਾਂ ਦੀ ਸੇਵਾ ਲਈ ਰਸਤੇ ਵਿਚ ਕਈ ਜਗ੍ਹਾ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸਨ ।

ਸਿੱਖ ਸੰਗਤਾਂ ਵਿਚ ਉਸ ਸਮੇਂ ਨਿਰਾਸ਼ਾ ਦੀ ਲਹਿਰ ਫੈਲ ਗਈ ਜਦੋਂ ਸਿਰਫ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪਣਾ ਰਸਮੀ ਤੇ ਲੱਛੇਦਾਰ ਭਾਸ਼ਣ ਦੇ ਕੇ ਹਟੇ ਤਾਂ ਹੋਰ ਕਿਸੇ ਵੀ ਬੁਲਾਰੇ ਨੂੰ ਬੋਲਣ ਤੋਂ ਰੋਕਣ ਲਈ ਪ੍ਰਬੰਧਕਾਂ ਵੱਲੋਂ ਸਾਊਂਡ ਸਿਸਟਮ ਬੰਦ ਕਰਕੇ ਸਮਾਗਮ ਦੀ ਸਮਾਪਤੀ ਕਰ ਦਿੱਤੀ ਗਈ।


ਇਸ ਮਸਲੇ ਨੂੰ ਸਾਬੋਤਾਜ ਕਰਨ ਲਈ ਬਾਬਾ ਤਰਸੇਮ ਸਿੰਘ, ਜਥੇਦਾਰਾਂ ਅਤੇ ਸਰਕਾਰ ਵਿਚ ਹੋਈ ਗਿੱਟ-ਮਿੱਟ ਕਾਰਨ ਸੰਗਤਾਂ ਪ੍ਰੇਸ਼ਾਨ ਸਨ ।

ਹਰ ਰੋਜ਼ ਕੇਵਲ ਅਖ਼ਬਾਰੀ ਬਿਆਨ ਦਾਗ਼ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਗ਼ੈਰ ਹਾਜ਼ਰੀ ਕਰਕੇ ਸਿੱਖ ਸੰਗਤਾਂ ਨੇ ਜਜ਼ਬਾਤੀ ਹੋ ਕੇ ਉਸ ਖਿਲਾਫ ਜ਼ਬਰਦਸਤ ਨਾਅਰੇਬਾਜੀ ਵੀ ਕੀਤੀ ਜੋ ਕਿ ਹਰ ਰੋਜ਼ ਬਿਆਨ ਦਿੰਦਾ ਰਿਹਾ ਸੀ ਕਿ ਮੈਂ ਸਭ ਕੰਮਕਾਰ ਛੱਡ ਕੇ ਯੂ.ਪੀ ਵਿਖੇ ਇਸ ਪਸ਼ਚਾਤਾਪ ਸਮਾਗਮ ਵਿਚ ਹਾਜ਼ਰ ਹੋਵਾਂਗਾ ।

ਸਿੱਖ ਸੰਗਤਾਂ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੇ ਧਾਰਮਿਕ ਆਗੂਆਂ ਤੇ ਬੁਲਾਰਿਆਂ ਨੇ ਬਾਅਦ ਵਿਚ ਆਪੋ ਆਪਣੇ ਵਿਚਾਰ ਸਾਂਝੇ ਕੀਤੇ ।

ਇਸ ਮੌਕੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਸਿੱਖ ਸੰਗਤਾਂ ਨੂੰ ਜਾਬਤੇ ਵਿਚ ਰਹਿ ਕੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਬੇਨਤੀ ਕੀਤੀ ।

 " ਉਨ੍ਹਾਂ ਕਿਹਾ ਕਿ ਸਿੱਖ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਖਾਤਿਰ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ ਪਰ ਸਾਡੀ ਕੌਮ ਦੀ ਅਗਵਾਈ ਕਰ ਰਹੇ ਅਖੌਤੀ ਆਗੂਆਂ ਵੱਲੋਂ ਪੰਥ ਦੇ ਹਰ ਮਸਲੇ ਵਿਚ ਸਿਆਸੀ ਦਬਾਅ ਹੇਠ ਜਿੰਮੇਵਾਰੀ ਤੋਂ ਭਗੌੜੇ ਹੋਣ ਦੇ ਮਾੜੇ ਰੁਝਾਨ ਨੇ ਕੌਮ ਨੂੰ ਅੱਜ ਰਸਾਤਲ ਦੇ ਮੋੜ ਤੇ ਲਿਆ ਖੜ੍ਹਾ ਕੀਤਾ ਹੈ । "

ਜਿਵੇਂ ਅੱਜ ਇੱਥੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤੀ ਗਈ ਹੈ ਇਸੇ ਤਰ੍ਹਾਂ ਪੰਜਾਬ ਵਿਚ ਕੋਈ ਵੀ ਮਸਲਾ ਦੇਹਧਾਰੀ ਗੁਰੂ ਡੰਮ੍ਹ ਦਾ ਹੋਵੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦਾ, ਹਰ ਵਾਰ ਹੀ ਕੌਮ ਦੀ ਅਣਖ ਤੇ ਗ਼ੈਰਤ ਨਾਲ ਜੁੜੇ ਇਨ੍ਹਾਂ ਮਸਲਿਆਂ ਨੂੰ ਲਟਕਾ ਕੇ ਕੌਮ ਨੂੰ ਜੱਗ ਹਸਾਈ ਦਾ ਪਾਤਰ ਬਣਾਇਆ ਜਾਂਦਾ ਰਿਹਾ ਹੈ ।

ਸੰਤ ਦਾਦੂਵਾਲ ਨੇ ਕਿਹਾ ਕਿ ਸਿੱਖ ਸੰਗਤਾਂ ਸਾਂਝੀ ਸਲਾਹ ਨਾਲ ਇਕ ਐਕਸ਼ਨ ਕਮੇਟੀ ਬਣਾ ਕੇ ਇਨਸਾਫ ਲਈ ਜੱਦੋ-ਜਹਿਦ ਜਾਰੀ ਰੱਖਣ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬਣਦੀ ਸਜ਼ਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ।

ਦੇਰ ਸ਼ਾਮ ਤੱਕ ਮਿਲੀ ਜਾਣਕਾਰੀ ਅਨੁਸਾਰ:-

ਰੋਹ ਵਿਚ ਆਈਆਂ ਸਿੱਖ ਸੰਗਤਾਂ ਨੇ ਆਪ ਮੁਹਾਰੇ ਹੀ ਸਿਤਾਰਗੰਜ ਅਤੇ ਮਝੋਲਾ ਵਿਖੇ ਸੜਕ ਉਤੇ ਆਵਾਜਾਈ ਰੋਕ ਕੇ ਜਾਮ ਲਗਾ ਦਿੱਤੇ ।

ਘਟਨਾ ਵਾਲੀ ਜਗ੍ਹਾ ਤੇ ਭਾਰੀ ਗਿਣਤੀ ਵਿਚ ਸੰਗਤਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਰਿਹਾ।

ਇੱਕ ਲੱਖ ਦੇ ਕਰੀਬ ਸੰਗਤਾਂ ਇਸ ਇਸ ਮੌਕੇ ਬਾਬਾ ਅਨੂਪ ਸਿੰਘ ਨਵਾਬਗੰਜ, ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਬਾਬਾ ਪ੍ਰੀਤਮ ਸਿੰਘ ਜੀ ਗੁਰੂ ਕਾ ਤਾਲ ਆਗਰਾ ਵਾਲੇ, ਬਾਬਾ ਅਮਰਜੀਤ ਸਿੰਘ ਮਰਿਆਦਾ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ, ਕਿਸਾਨ ਆਗੂ ਬੀ ਐਮ ਸਿੰਘ, ਪੰਥਕ ਸੇਵਾ ਲਹਿਰ (ਦਾਦੂ ਸਾਹਿਬ) ਦੇ ਯੂ.ਪੀ ਬਰਾਂਚ ਦੇ ਭਾਈ ਤਰਲੋਕ ਸਿੰਘ ਨਿਘਾਸਨ, ਭਾਈ ਬਲਕਾਰ ਸਿੰਘ ਖਾਲਸਾ, ਭਾਈ ਸੁਖਦੇਵ ਸਿੰਘ ਮਿਲਖ ਪਿੰਡ, ਭਾਈ ਹਰਭਜਨ ਸਿੰਘ ਬਲੀਆ, ਅਵਤਾਰ ਸਿੰਘ ਬਲੈਹਰਾ, ਦਸਮੇਸ਼ ਖਾਲਸਾ ਫੌਜ ਦੇ ਭਾਈ ਦਲਵਿੰਦਰ ਸਿੰਘ, ਭਾਈ ਰੇਸ਼ਮ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਫਤਹਿਜੀਤ ਸਿੰਘ ਤਰਾਈ ਸਿੱਖ ਮਹਾਂਸਭਾ ਆਦਿ ਹਾਜ਼ਰ ਸਨ ।